ਲੁਧਿਆਣਾ ਪੁਲਿਸ ਦੀ ਹਿੰਦੂ ਨੇਤਾਵਾਂ ‘ਤੇ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸ ਦਈਏ ਕਿ ਲੁਧਿਆਣਾ ਪੁਲਿਸ ਨੇ ਹੇਟ ਸਪੀਚ ਮਾਮਲੇ ‘ਚ ਹਿੰਦੂ ਸੰਗਠਨਾਂ ਦੇ ਚਾਰ ਨੇਤਾਵਾਂ ‘ਤੇ ਮਾਮਲਾ ਦਰਜ ਕੀਤਾ ਹੈ। ਇਹਨਾਂ ਚਾਰਾਂ ‘ਤੇ ਆਰੋਪ ਹੈ ਕਿ ਫੇਸਬੁੱਕ ਦੇ ਜਰੀਏ ਲਗਾਤਾਰ ਭੜਕਾਊ ਪੋਸਟ ਸ਼ੇਅਰ ਕੀਤੀ ਜਾ ਰਹੀ ਸੀ। ਜਿਸ ਦੇ ਕਾਰਨ ਦੇਸ਼ ਦੀ ਇਕੱਤਰਤਾ ਨੂੰ ਖ਼ਤਰਾ ਦੱਸਿਆ ਜਾ ਰਿਹਾ ਸੀ। ਇਹਨਾਂ ਦੀ ਹੇਟ ਸਪੀਚ ਨੂੰ ਲੈ ਕੇ ਅਲੱਗ-ਅਲੱਗ ਧਰਮਾਂ ਦੇ ਵਿੱਚ ਦੁਸ਼ਮਣੀ ਪੈਦਾ ਹੋ ਸਕਦੀ ਹੈ। ਫਿਲਹਾਲ ਪੁਲਿਸ ਨੇ ਇਹਨਾਂ ਚਾਰ ਹਿੰਦੂ ਨੇਤਾਵਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰੀ ਦੀ ਗੱਲ ਕਹੀ ਹੈ।
ਜਾਣਕਾਰੀ ਦੇ ਮੁਤਾਬਕ ਥਾਣਾ ਹੈਬੋਵਾਲ ਦੀ ਪੁਲਿਸ ਨੇ ਹਿੰਦੂ ਸੰਗਠਨ ਦੇ ਨੇਤਾ ਰੋਹਿਤ ਸਾਨੀ ਨਿਵਾਸੀ ਮਹੱਲਾ ਸਟਾਰ ਸਿਟੀ ਦੇ ਖਿਲਾਫ ਧਾਰਾ 152, 196 ਤੇ 353 ਬੀਐਨਐਸ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸਾਨੀ ‘ਤੇ ਆਰੋਪ ਹੈ ਕਿ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਹੇਟ ਸਪੀਚ ਦਿੱਤੀ ਹੈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਸੋਸ਼ਲ ਮੀਡੀਆ ਸੈੱਲ ਦੀ ਜਾਂਚ ਦੇ ਦੌਰਾਨ ਹਿੰਦੂ ਸਿੱਖ ਜਾਗਰਤੀ ਸੈਨਾ ਦੇ ਪ੍ਰਧਾਨ ਅਤੇ ਹਿੰਦੂ ਨਿਆਏ ਪੀਠ ਸੰਸਥਾ ਦੇ ਆਗੂ ਪ੍ਰਵੀਨ ਡੰਗ ‘ਤੇ ਵੀ ਮਾਮਲਾ ਦਰਜ ਕੀਤਾ ਹੈ। ਪ੍ਰਵੀਨ ਡੰਗ ‘ਤੇ ਆਰੋਪ ਹੈ ਕਿ ਉਹਨਾਂ ਵੱਲੋਂ ਆਪਣੀ ਫੇਸਬੁੱਕ ਪ੍ਰੋਫਾਈਲ ‘ਤੇ ਭੜਕਾਊ ਭਾਸ਼ਣ ਅਤੇ ਗਲਤ ਬਿਆਨਬਾਜ਼ੀ ਕੀਤੀ ਗਈ ਹੈ। ਡੰਗ ‘ਤੇ ਪੁਲਿਸ ਨੇ 196, 353 ਬੀਐਨਐਸ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ।
ਥਾਣਾ ਡਿਵੀਜ਼ਨ ਨੰਬਰ ਇੱਕ ਦੀ ਪੁਲਿਸ ਨੇ ਵੀ ਸ਼ਿਵ ਸੈਨਾ ਦੇ ਪ੍ਰਮੁੱਖ ਚੰਦਰਕਾਂਤ ਚੱਡਾ ‘ਤੇ ਹੇਟ ਸਪੀਚ ਕਰਨ ਦੇ ਮਾਮਲੇ ਵਿੱਚ ਐਕਸ਼ਨ ਲਿਆ ਹੈ ਅਤੇ ਚੱਡਾ ਦੇ ਖਿਲਾਫ ਵੀ ਇਹਨਾਂ ਧਾਰਾਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਧੁੰਦ ਨੇ ਲਗਾਈ ਵਾਹਨਾਂ ਦੀ ਰਫ਼ਤਾਰ ‘ਤੇ ਬ੍ਰੇਕ, ਦਿਨ ਵੇਲੇ ਵੀ ਪੈ ਰਹੀ ਲਾਈਟ ਚਲਾਉਣ ਦੀ ਜ਼ਰੂਰਤ
ਜੇਕਰ ਗੱਲ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਕੀਤੀ ਜਾਵੇ ਤਾਂ ਉਧਰ ਸ਼ਿਵ ਸੈਨਾ ਪੰਜਾਬ ਦੇ ਆਗੂ ਭਾਨੂ ਪ੍ਰਤਾਪ ‘ਤੇ ਵੀ ਹੇਟ ਸਪੀਚ ਦੇ ਮਾਮਲੇ ਵਿੱਚ ਪੁਲਿਸ ਨੇ ਬੀਐਨਐਸ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਜਲਦ ਹੀ ਇਹਨਾਂ ਦੀ ਗ੍ਰਿਫ਼ਤਾਰੀ ਦੀ ਗੱਲ ਕਹੀ ਹੈ।
ਹਾਲਾਂਕਿ ਲਗਾਤਾਰ ਸੋਸ਼ਲ ਮੀਡੀਆ ‘ਤੇ ਅਜਿਹੀਆਂ ਬਿਆਨਬਾਜ਼ੀਆਂ ਨੂੰ ਲੈ ਕੇ ਪਹਿਲਾਂ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ ਸਾਫ ਕੀਤਾ ਗਿਆ ਸੀ ਕਿ ਜੋ ਵੀ ਲੀਡਰ ਅਜਿਹੀ ਬਿਆਨਬਾਜ਼ੀ ਕਰੇਗਾ, ਉਸ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ। ਪਰ ਪੁਲਿਸ ਨੇ ਇਹਨਾਂ ਚਾਰ ਸ਼ਿਵਸੈਨਾ ਦੇ ਆਗੂਆਂ ਖਿਲਾਫ ਐਕਸ਼ਨ ਲੈਂਦੇ ਹੋਏ ਮਾਮਲਾ ਦਰਜ ਕੀਤਾ ਹੈ।