ਸਮਾਣਾ (ਪੁਰਸ਼ੋਤਮ ਕੌਸ਼ਿਕ)
ਸਮਾਣਾ ਦੇ ਰਾਮ ਨਗਰ ਤੋਂ ਇਤਿਹਾਸਿਕ ਗੁਰਦੁਆਰਾ ਘਰਾਲੀ ਸਾਹਿਬ ਨੂੰ ਜਾਣ ਵਾਲੀ ਮੁੱਖ ਸੜਕ ਬਣਨੀ ਸ਼ੁਰੂ ਹੋਈ, ਪਰ ਆਲੇ ਦੁਆਲੇ ਦੇ ਲੋਕਾਂ ਨੇ ਇਸ ਤੇ ਸਵਾਲ ਚੁੱਕ ਦਿੱਤੇ ਹਨ। ਦਰਅਸਲ ਜਦੋਂ ਇਸ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਅਤੇ ਪ੍ਰੀਮਿਕਸ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਇਸ ਦੀ ਸਫਾਈ ਨਹੀਂ ਕੀਤੀ ਗਈ ਭਾਵ ਕਿ ਇਸ ‘ਤੇ ਪਈ ਮਿੱਟੀ ਨੂੰ ਸਾਫ ਨਹੀਂ ਕੀਤਾ ਗਿਆ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ।
ਉਹਨਾਂ ਦਾ ਕਹਿਣਾ ਸੀ ਕਿ ਜੇਕਰ ਇਹ ਇੰਜ ਸੜਕ ਬਣਾਉਣਗੇ ਤਾਂ ਇਹ ਸੜਕ ਕੁਝ ਦਿਨ ਬਾਅਦ ਹੀ ਟੁੱਟ ਜਾਵੇਗੀ ਕਿਉਂਕਿ ਬਿਨਾਂ ਮਿੱਟੀ ਸਾਫ ਕੀਤਿਆਂ ਸੜਕ ਸਹੀ ਨਹੀਂ ਬਣ ਸਕਦੀ। ਉਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਰੋੜਿਆਂ ਦੇ ਉੱਤੇ ਪਈ ਮਿੱਟੀ ਸਾਫ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਹੀ ਪ੍ਰੀਮਿਕਸ ਪੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਠੇਕੇਦਾਰ ਕੰਮਾਂ ਦੇ ਵਿੱਚ ਲਾਪਰਵਾਹੀ ਕਰਦੇ ਹਨ ਤੇ ਇਸ ਕਰਕੇ ਅਸੀਂ ਇਸਦਾ ਵਿਰੋਧ ਕਰ ਰਹੇ ਹਾਂ।
ਆਲੇ ਦੁਆਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਇਹ ਸੜਕ ਗੁਰਦੁਆਰਾ ਘਰਾਲੀ ਸਾਹਿਬ ਨੂੰ ਜਾਂਦੀ ਹੈ ਜਿੱਥੇ ਪੰਜਾਬ ਦੇ ਨਹੀਂ ਬਲਕਿ ਹਰਿਆਣਾ ਤੋਂ ਵੀ ਸਿੱਖ ਸੰਗਤ ਆ ਕੇ ਨਤਮਸਤਕ ਹੁੰਦੀ ਹੈ ਅਤੇ ਇਹ ਸੜਕ ਕਈ ਸਾਲਾਂ ਬਾਅਦ ਬਣਨ ਲੱਗੀ ਹੈ ਅਤੇ ਹੁਣ ਜਦੋਂ ਇਹ ਸੜਕ ਬਣਨ ਲੱਗੀ ਹੈ ਤਾਂ ਉਸ ਦੇ ਵਿੱਚ ਵੀ ਲਾਪਰਵਾਹੀ ਵਰਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੁੱਤ ਦੀ ਮੌਤ ਤੋਂ ਬਾਅਦ ਨੂੰਹ ਛੱਡ ਗਈ ਘਰ, ਪੋਤੇ ਨੂੰ ਅਫ਼ਸਰ ਬਣਾਉਣ ਲਈ ਚਾਹ ਵੇਚ ਰਹੀ ਦਾਦੀ
ਦੂਜੇ ਪਾਸੇ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਨੇ ਕਿਹਾ ਕਿ ਇਸ ਕੰਮ ਦੇ ਵਿੱਚ ਬਿਲਕੁਲ ਵੀ ਕੁਤਾਹੀ ਨਹੀਂ ਕੀਤੀ ਜਾਵੇਗੀ। ਉਹਨਾਂ ਮੌਕੇ ਤੇ ਆ ਕੇ ਮਜ਼ਦੂਰਾਂ ਨੂੰ ਮਿੱਟੀ ਸਾਫ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ ਉਸ ਤੋਂ ਬਾਅਦ ਹੀ ਇਸ ਤੇ ਪ੍ਰੀ ਮਿਕਸ ਪਾਇਆ ਜਾਵੇ।
ਦੱਸਿਆ ਇਹ ਜਾ ਰਿਹਾ ਕਿ ਸਰਕਾਰ ਦਾ ਇਸ ਸੜਕ ਦੇ ਨਿਰਮਾਣ ਤੇ 10 ਕਰੋੜ ਰੁਪਏ ਦਾ ਖਰਚਾ ਰਿਹਾ ਹੈ ਅਤੇ ਇਸ ਕਰਕੇ ਪਿੰਡ ਵਾਸੀ ਚਾਹੁੰਦੇ ਨੇ ਕਿ ਸਰਕਾਰ ਦਾ ਪੈਸਾ ਸਹੀ ਢੰਗ ਨਾਲ ਵਰਤਿਆ ਜਾਵੇ।