ਸਮਰਾਲਾ ਦੇ ਮਾਛੀਵਾੜਾ ਇਲਾਕੇ ਵਿਚ ਨਵੀਂ ਬੀਜੀ ਕਣਕ ਦੀ ਫ਼ਸਲ ਨੂੰ ਸੁੰਡੀ ਤੇ ਫੰਗਸ ਦੀ ਬਿਮਾਰੀ ਨੇ ਚਪੇਟ ਵਿਚ ਲੈ ਲਿਆ ਹੈ। ਜਿਸ ਕਾਰਨ ਕਿਸਾਨ ਇਸ ਨੂੰ ਵਾਹੁਣ ਲਈ ਮਜ਼ਬੂਰ ਹੋ ਗਏ ਹਨ। ਅੱਜ ਮਾਛੀਵਾਡ਼ਾ ਨੇੜ੍ਹਲੇ ਪਿੰਡ ਤੱਖਰਾਂ ਦੇ ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਉਸਨੇ 17 ਏਕੜ ਕਣਕ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਨ੍ਹਾਂ ਪਰਾਲੀ ਨੂੰ ਅੱਗ ਲਗਾਏ ਖੇਤਾਂ ਵਿਚ ਵਾਹ ਕੇ ਕਣਕ ਦੀ ਬਿਜਾਈ ਕੀਤੀ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਬਾਅਦ ਉਸਨੇ ਦੇਖਿਆ ਕਿ ਖੇਤਾਂ ਵਿਚ ਕਣਕ ਦਾ ਬੂਟਾ ਪੂਰੀ ਤਰ੍ਹਾਂ ਵਧ ਨਹੀਂ ਰਿਹਾ ਅਤੇ ਜਦੋਂ ਉਸਨੇ ਪੁੱਟ ਕੇ ਦੇਖਿਆ ਤਾਂ ਜੜ੍ਹ ਵਿਚ ਸੁੰਡੀ ਤੇ ਫੰਗਸ ਦੀ ਬਿਮਾਰੀ ਫੈਲੀ ਹੋਈ ਸੀ।ਕਿਸਾਨਾਂ ਨੇ ਦੋਸ਼ ਲਗਾਇਆ ਕਿ ਇਸ ਵਾਰ ਸਖ਼ਤੀ ਕਾਰਨ ਉਨ੍ਹਾਂ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਇਸ ਨੂੰ ਖੇਤਾਂ ਵਿਚ ਵਾਹ ਕੇ ਕਣਕ ਬੀਜ ਦਿੱਤੀ ਜਿਸ ਕਾਰਨ ਇਹ ਬਿਮਾਰੀ ਪੈ ਗਈ।
ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਕਣਕ ਦੀ ਬਿਜਾਈ ਉੱਪਰ ਉਸਦਾ ਕਰੀਬ 8 ਤੋਂ 10 ਹਜ਼ਾਰ ਪ੍ਰਤੀ ਏਕੜ ਖਰਚ ਆਇਆ ਪਰ ਹੁਣ ਉਸ ਨੂੰ ਮਜ਼ਬੂਰਨ ਵਾਹੁਣਾ ਪੈ ਰਿਹਾ ਹੈ ਅਤੇ ਦੁਬਾਰਾ ਕਣਕ ਦੀ ਬਿਜਾਈ ਕਰੇਗਾ। ਕਿਸਾਨ ਨੇ ਦੱਸਿਆ ਕਿ ਉਸਦਾ ਕਾਫ਼ੀ ਆਰਥਿਕ ਨੁਕਸਾਨ ਹੋਇਆ ਅਤੇ ਹੁਣ ਜੋ ਨਵੀਂ ਬੀਜੀ ਕਣਕ ਦਾ ਝਾੜ ਵੀ ਘੱਟ ਨਿਕਲੇਗਾ ਜਿਸ ਕਾਰਨ ਇਹ ਫ਼ਸਲ ਉਸ ਲਈ ਬੇਹੱਦ ਘਾਟੇ ਵਾਲਾ ਸੌਦਾ ਸਾਬਿਤ ਹੋਵੇਗੀ। ਇਸ ਤੋਂ ਇਲਾਵਾ ਪਿੰਡ ਤੱਖਰਾਂ ਦੇ ਕਿਸਾਨ ਨੇ ਦੱਸਿਆ ਕਿ ਉਸਦੀ 6 ਏਕੜ ਕਣਕ ਦੀ ਫਸਲ ਨੂੰ ਇਹੀ ਬਿਮਾਰੀ ਪਈ ਅਤੇ ਉਸਨੇ ਵੀ ਫਸਲ ਵਾਹ ਕੇ ਦੁਬਾਰਾ ਬੀਜਿਆ ਗਿਆ। ਇਸ ਤੋਂ ਇਲਾਵਾ ਕਿਸਾਨ ਨਾਇਬ ਸਿੰਘ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਨਵੀਂ ਬੀਜੀ ਫਸਲ ਨੂੰ ਸੁੰਡੀ ਤੇ ਫੰਗਸ ਦੀ ਬਿਮਾਰੀ ਪੈਣ ਕਾਰਨ ਉਸਨੇ ਵੀ ਇਹ ਫਸਲ ਵਾਹ ਦਿੱਤੀ।
ਕਿਸਾਨਾਂ ਨੇ ਦੱਸਿਆ ਕਿ ਰਾਣਵਾਂ, ਤੱਖਰਾਂ ਅਤੇ ਹੋਰ ਆਸਪਾਸ ਪਿੰਡਾਂ ਵਿਚ ਨਵੀਂ ਬੀਜੀ ਕਣਕ ਨੂੰ ਬਿਮਾਰੀ ਨੇ ਆਪਣੀ ਚਪੇਟ ਵਿਚ ਲੈ ਲਿਆ ਹੈ ਜਿਸ ਦਾ ਮੁੱਖ ਕਾਰਨ ਖੇਤਾਂ ਵਿਚ ਪਰਾਲੀ ਵਾਹ ਕੇ ਇਸ ਦੀ ਬਿਜਾਈ ਕਰਨਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਜੋ ਆਰਥਿਕ ਨੁਕਸਾਨ ਹੋਇਆ ਹੈ ਸਰਕਾਰ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ। ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂ ਹਰਦੀਪ ਸਿੰਘ ਰਾਣਵਾਂ ਨੇ ਕਿਹਾ ਕਿ ਸੈਟੇਲਾਈਟ ਰਾਹੀਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਖਿਲਾਫ਼ ਕਾਰਵਾਈ ਕਰਨ ਲਈ ਅਧਿਕਾਰੀ ਤੁਰੰਤ ਪਹੁੰਚ ਜਾਂਦੇ ਹਨ ਪਰ ਅੱਜ ਜਦੋਂ ਨਵੀਂ ਬੀਜੀ ਕਣਕ ਦੀ ਫਸਲ ਨੂੰ ਬਿਮਾਰੀ ਕਾਰਨ ਕਿਸਾਨ ਖੇਤਾਂ ਵਿਚ ਵਾਹ ਰਿਹਾ ਹੈ ਤਾਂ ਕੋਈ ਵੀ ਅਧਿਕਾਰੀ ਸਾਰ ਲੈਣ ਨਾ ਪੁੱਜਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਨਵੀਂ ਬੀਜੀ ਕਣਕ ਦੀ ਫਸਲ ਬਿਮਾਰੀ ਕਾਰਨ ਸੁਆਹ ਹੋ ਗਈ ਅਤੇ ਹੁਣ ਨਵੀਂ ਬਿਜਾਈ ’ਤੇ ਹੋਰ ਖਰਚਾ ਆਵੇਗਾ। ਕਿਸਾਨ ਆਗੂ ਨੇ ਕਿਹਾ ਕਿ ਮਾਛੀਵਾੜਾ ਇਲਾਕੇ ਦੇ ਪਿੰਡਾਂ ਵਿਚ ਕਈ ਥਾਵਾਂ ’ਤੇ ਕਣਕ ਦੀ ਨਵੀਂ ਬੀਜੀ ਫਸਲ ਨੂੰ ਬਿਮਾਰੀ ਪੈ ਰਹੀ ਹੈ ਜਿਸ ਲਈ ਸਰਕਾਰ ਤੇ ਖੇਤੀਬਾੜੀ ਅਧਿਕਾਰੀ ਇਸ ਦੀ ਖੋਜ ਕਰਨ ਕਿ ਇਹ ਬਿਮਾਰੀ ਕਿਉਂ ਪਈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸਰਕਾਰ ਦੀਆਂ ਹਦਾਇਤਾਂ ’ਤੇ ਪਰਾਲੀ ਨਾ ਸਾਡ਼ ਕੇ ਕਣਕ ਬੀਜੀ ਪਰ ਇਸ ਦੇ ਬਾਵਜੂਦ ਅੱਜ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਵੀ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਉਸਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਇਸ ਸਬੰਧੀ ਜਦੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਗਗਨਦੀਪ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਵੀਂ ਬੀਜੀ ਕਣਕ ਦੀ ਫਸਲ ਨੂੰ ਬਿਮਾਰੀ ਪੈਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਆਈ ਹੈ। ਉਨ੍ਹਾਂ ਕਿਹਾ ਕਿ ਉਹ ਤੁਰੰਤ ਪਿੰਡ ਰਾਣਵਾਂ ਤੇ ਤੱਖਰਾਂ ਦਾ ਦੌਰਾ ਕਰ ਖੇਤਾਂ ਵਿਚ ਜਾ ਕੇ ਜਾਇਜ਼ਾ ਲੈਣਗੇ ਕਿ ਇਹ ਬਿਮਾਰੀ ਕਿਉਂ ਪੈ ਰਹੀ ਹੈ।
- First Published :